ਫ਼ਰੀਦਕੋਟ, 23 ਨਵੰਬਰ (ਗੁਰਪ੍ਰੀਤ ਸਿੰਘ) : ਪੰਜਾਬ ਸਰਕਾਰ ਵੱਲੋਂ ਗ੍ਰਹਿ ਮੰਤਰਾਲੇ, ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 27 ਨਵੰਬਰ 2026 ਨੂੰ ਰਾਤ 8:00 ਵਜੇ ਪੂਰੇ ਸੂਬੇ ਵਿੱਚ ਇੱਕ ਵਿਸ਼ੇਸ਼ ‘ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ’ ਮੌਕ ਐਕਸਰਸਾਈਜ਼ (ਨਕਲੀ ਅਭਿਆਸ) ਕਰਵਾਈ ਜਾ ਰਹੀ ਹੈ। ਇਸ ਅਭਿਆਸ ਦੇ ਮੱਦੇਨਜ਼ਰ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਕੇਸ਼ਵ ਗੋਇਲ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਅਭਿਆਸ ਦਾ ਮੁੱਖ ਉਦੇਸ਼ ਕਿਸੇ ਵੀ ਹੰਗਾਮੀ ਹਾਲਤ ਜਾਂ ਹਵਾਈ ਹਮਲੇ ਵਰਗੀ ਸਥਿਤੀ ਦੌਰਾਨ ਸਿਵਲ ਡਿਫੈਂਸ ਅਤੇ ਪ੍ਰਸ਼ਾਸਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਾ ਹੈ। ਇਸੇ ਤਹਿਤ ਡਾ.ਹਰੀ ਸਿੰਘ ਸੇਵਕ ਸਕੂਲ ਆਫ ਐਮੀਨੈਂਸ ਕੋਟਕਪੂਰਾ ਵਿਖੇ ਏਅਰ ਰੇਡ/ਬਲੈਕਆਊਟ’ ਮੌਕ ਐਕਸਰਸਾਈਜ਼ 27 ਨਵੰਬਰ ਨੂੰ ਰਾਤ 8 ਵਜੇ ਹੋਵੇਗੀ। ਇਸ ਮੌਕ ਐਕਸਰਸਾਈਜ਼ ਸਬੰਧੀ ਹਦਾਇਤਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਸ਼ਾਮ 6 ਵਜੇ ਲੋਕਾਂ ਨੂੰ ਸਿਵਲ ਡਿਫੈਂਸ, ਐਨ.ਡੀ.ਆਰ.ਐਫ ਵੱਲੋਂ ਸੰਕਟਕਾਲੀ ਸਥਿਤੀ ਨਾਲ ਨਜਿੱਠਣ ਦੀ ਟਰੇਨਿੰਗ ਦਿੱਤੀ ਜਾਵੇਗੀ। ਇਸ ਉਪਰੰਤ ਮੌਕ ਡਰਿੱਲ ਦੀ ਸ਼ੁਰੂਆਤ ‘ਏਅਰ ਰੇਡ ਵਾਰਨਿੰਗ’ (ਹਵਾਈ ਹਮਲੇ ਦੀ ਚੇਤਾਵਨੀ) ਦੇ ਸਾਇਰਨ ਨਾਲ ਹੋਵੇਗੀ। ਇਹ ਸਾਇਰਨ 02 ਮਿੰਟਾਂ ਲਈ ਉੱਚੀ-ਨੀਵੀਂ ਪਿੱਚ ‘ਤੇ ਵਜਾਇਆ ਜਾਵੇਗਾ। ਸਾਇਰਨ ਵੱਜਦੇ ਹੀ ਕੋਟਕਪੂਰਾ ਵਿਖੇ ਮੁਕੰਮਲ ‘ਬਲੈਕਆਊਟ’ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਜਨਤਾ ਲਈ ਹਦਾਇਤਾਂ ਹਨ ਕਿ ਬਲੈਕਆਊਟ ਦੌਰਾਨ ਪਛਾਣੇ ਗਏ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਗੈਰ-ਜ਼ਰੂਰੀ ਲਾਈਟਾਂ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ। ਹਾਲਾਂਕਿ, ਹਸਪਤਾਲਾਂ ਅਤੇ ਫਾਇਰ ਬ੍ਰਿਗੇਡ ਵਰਗੀਆਂ ਜ਼ਰੂਰੀ ਸੇਵਾਵਾਂ ਚਾਲੂ ਰਹਿਣਗੀਆਂ।ਅਭਿਆਸ ਖ਼ਤਮ ਹੋਣ ‘ਤੇ ‘ਆਲ ਕਲੀਅਰ’ ਦਾ ਸੰਕੇਤ ਦਿੱਤਾ ਜਾਵੇਗਾ, ਜੋ ਕਿ 02 ਮਿੰਟਾਂ ਲਈ ਲਗਾਤਾਰ ਉੱਚੀ ਪਿੱਚ ‘ਤੇ ਵੱਜਣ ਵਾਲਾ ਸਾਇਰਨ ਹੋਵੇਗਾ। ਇਸ ਮੌਕ ਐਕਸਰਸਾਈਜ਼ ਦੌਰਾਨ ਕੇਵਲ ਬਲੈਕਆਊਟ ਹੀ ਨਹੀਂ, ਸਗੋਂ ਕਈ ਰਾਹਤ ਕਾਰਜਾਂ ਦਾ ਵੀ ਨਕਲੀ ਅਭਿਆਸ ਵੱਖ-ਵੱਖ ਵਿਭਾਗਾਂ ਵੱਲੋਂ ਕੀਤਾ ਜਾਵੇਗਾ।ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਇੱਕ ਨਿਯਮਤ ਅਭਿਆਸ ਹੈ। ਇਹ ਕਿਸੇ ਵੀ ਕਿਸਮ ਦੀ ਫੌਜੀ ਕਾਰਵਾਈ ਦਾ ਹਿੱਸਾ ਨਹੀਂ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦੇ ਡਰ ਜਾਂ ਪੈਨਿਕ ਵਿੱਚ ਆਉਣ ਦੀ ਲੋੜ ਨਹੀਂ ਹੈ।ਇਸ ਮੌਕੇ ਐਸ.ਡੀ.ਐਮ ਕੋਟਕਪੂਰਾ ਸ.ਜਸਪਾਲ ਸਿੰਘ ਬਰਾੜ, ਮੈਡਮ ਅੰਜਨਾ ਕੌਸਲ ਡੀ.ਈ.ਓ, ਡਾ. ਹਰਜਿੰਦਰ ਗਾਂਧੀ, ਐਸ.ਐਮ.ਓ ਕੋਟਕਪੂਰਾ ਮਨੀਸ਼ ਕੁਮਾਰ ਐਸ.ਪੀ., ਨਿਰਮਲ ਸਿੰਘ ਇੰਸਪੈਕਟਰ ਪੰਜਾਬ ਹੋਮ ਗਾਰਡਜ਼, ਜਗਤਾਰ ਸਿੰਘ ਬਿਜਲੀ ਵਿਭਾਗ,ਰਿਸ਼ੀ ਪਲਤਾ ਸਿਵਲ ਡਿਫੈਸ, ਰਾਜਨ ਜੈਨ ਸਿਵਲ ਡਿਫੈਂਸ ਵਿਭਾਗ, ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
ਅੱਜ 27 ਨਵੰਬਰ ਨੂੰ ਰਾਤ 8 ਵਜੇ ਕੋਟਕਪੂਰਾ ਵਿਖੇ ਹੋਵੇਗੀ ‘ਏਅਰ ਰੇਡ ਅਤੇ ਬਲੈਕਆਊਟ’ ਮੌਕ ਡਰਿੱਲ, ਸ਼ਾਮ 6 ਵਜੇ ਲੋਕਾਂ ਨੂੰ ਸਿਵਲ ਡਿਫੈਂਸ, ਐਨ.ਡੀ.ਆਰ.ਐਫ ਵੱਲੋਂ ਸੰਕਟਕਾਲੀ ਸਥਿਤੀ ਨਾਲ ਨਜਿੱਠਣ ਦੀ ਦਿੱਤੀ ਜਾਵੇਗੀ ਟਰੇਨਿੰਗ

